ਆਤਮ ਨਗਰ ਵਾਸੀਆ ਨੇ ਪ੍ਰੇਮ ਮਿੱਤਲ ਦੀ ਜਿੱਤ `ਤੇ ਲਾਈ ਪੱਕੀ ਮੋਹਰ
ਲੁਧਿਆਣਾ -15-ਫਰਵਰੀ (ਹਰਜੀਤ ਸਿੰਘ ਖਾਲਸਾ)ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਆਤਮ ਨਗਰ ਤੋਂ ਭਾਜਪਾ,ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦਾ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਭਰਵੇ ਹੁੰਗਾਰਾ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਬਿਪਤਾ ਪਾਈ ਹੋਈ ਹੈ। ਇਸੇ ਤਹਿਤ ਅੱਜ ਮਾਡਲ ਟਾਊਨ ਵਿੱਚ ਸੈਣੀ ਪਰਿਵਾਰ ਵਲੋ ਪ੍ਰੇਮ ਮਿੱਤਲ ਦੇ ਹਕ ਵਿੱਚ ਭਰਵੀਂ ਮੀਟਿੰਗ ਕਰਵਾਈ ਗਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੇਮ ਮਿੱਤਲ ਨੇ ਆਖਿਆ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਦੀ ਭਲਾਈ ਲਈ ਕੰਮ ਕਰਦੇ ਹੋਏ ਲੋਕ ਹਿੱਤਾਂ ਨੂੰ ਧਿਆਨ `ਚ ਰੱਖ ਕੇ ਫੈਸਲੇ ਕੀਤੇ ਹਨ, ਇਸ ਕਰਕੇ ਅੱਜ ਹਰ ਵਰਗ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੈ। ਪ੍ਰੇਮ ਮਿੱਤਲ ਨੇ ਆਖਿਆ ਕਿ ਮੇਰੀ ਹਲਕਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਗ਼ਲਤ ਪ੍ਰਚਾਰ ਤੋਂ ਸੁਚੇਤ ਰਹਿਣ ਕਿਉਂਕਿ, ਵਿਰੋਧੀ ਧਿਰਾਂ ਦਾ ਮੁੱਖ ਏਜੰਡਾ ਸਿਰਫ਼ ਤੇ ਸਿਰਫ਼ ਪੰਜਾਬ ਦੀ ਸੱਤਾ `ਤੇ ਕਬਜ਼ਾ ਕਰਕੇ ਪੰਜਾਬ ਵਾਸੀਆਂ ਨੂੰ ਲੁੱਟਣਾ ਹੈ, ਜਦੋਂ ਕਿ ਭਾਜਪਾ ਸਰਕਾਰ ਦੀ ਸੋਚ ਪੰਜਾਬ ਨੂੰ ਤਰੱਕੀ ਅਤੇ ਵਿਕਾਸ ਦੇ ਰਾਹ `ਤੇ ਲਿਜਾਣ ਵਾਲੀ ਹੈ।ਇਸ ਮੌਕੇ ਪ੍ਰੇਮ ਮਿੱਤਲ ਨੇ ਆਖਿਆ ਕਿ ਹਲਕਾ ਆਤਮ ਨਗਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਜਿਸਨੂੰ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਆਖਿਆ ਕਿ ਜੇਕਰ ਹਲਕਾ ਵਾਸੀ ਬਤੌਰ ਵਿਧਾਇਕ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਤਾਂ ਇਨ੍ਹਾਂ ਕੰਮਾਂ `ਤੇ ਪਹਿਲ ਦੇ ਆਧਾਰ ਤੇ ਕੰਮ ਕਰਕੇ ਅਮਲੀ ਜਾਮਾ ਪਹਿਨਾਇਆ ਜਾਵੇਗਾ।

No comments
Post a Comment