*ਟਿੱਲੂ ਨੂੰ ਬੂਥਗੜ ’ਚ ਮਿਲਿਆ ਸਮੱਰਥਨ, ਮੋਰਚੇ ਦੀਆਂ ਕਿਸਾਨ, ਮਜਦੂਰ ਪੱਖੀ ਨੀਤੀਆਂ ਦੀ ਜਾਣਕਾਰੀ ਦਿੱਤੀ-ਪੰਧੇਰ*
ਖੰਨਾ -14- ਫਰਵਰੀ (ਹਰਜੀਤ ਸਿੰਘ ਖਾਲਸਾ )-ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਕਿਸਾਨਾਂ, ਮਜਦੂਰਾਂ ਨਾਲ ਕੋਝਾ ਮਜਾਕ ਕੀਤਾ ਤੇ ਗੁੰਮਰਾਹ ਕਰਕੇ ਵੋਟਾਂ ਬਟੋਰੀਆਂ ਪਰ ਕਿਸਾਨਾਂ, ਮਜਦੂਰਾਂ ਦੀ ਕਦੇ ਬਾਂਹ ਨਹੀਂ ਫੜੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੇ ਪਿੰਡ ਬੂਥਗੜ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਕੀਤਾ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਸੋਚ ਸ਼ੁਰੂ ਤੋਂ ਹੀ ਕਿਸਾਨ, ਮਜਦੂਰ, ਮੁਲਾਜਮ ਵਿਰੋਧੀ ਰਹੀ ਹੈ। ਇਸੇ ਕਰਕੇ ਇਹਨਾਂ ਵਰਗਾਂ ਦੀ ਅੱਜ ਤੱਕ ਸਹੀ ਰੂਪ ’ਚ ਕੋਈ ਸੁਣਵਾਈ ਨਹੀਂ ਤੇ ਨਤੀਜੇ ਵਜੋਂ ਕਿਸਾਨਾਂ, ਮਜਦੂਰਾਂ ਨੂੰ ਮੰਗਾਂ, ਮਸਲਿਆਂ ਦੇ ਹੱਲ ਲਈ ਮਜਬੂਰਨ ਧਰਨੇ ਪ੍ਰਦਰਸ਼ਨ ਕਰਨ ਦਾ ਰਾਹ ਅਪਨਾਉਣਾ ਪਿਆ। ਸੀਨੀਅਰ ਕਿਸਾਨ ਆਗੂ ਨੇਤਰ ਸਿੰਘ ਨਾਗਰਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਵੋਟਾਂ ਸਮੇਂ ਤਰਾਂ ਤਰਾਂ ਦੇ ਵਾਅਦੇ ਕਰਦੀਆਂ ਹਨ ਪਰ ਸੱਤਾ ਸੰਭਾਲਣ ਤੋਂ ਬਾਦ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਦੇ ਕਰਜੇ ਮੁਆਫ ਵੀ ਨਹੀਂ ਕੀਤੇ, ਫਸਲਾਂ ਦੇ ਸਹੀ ਭਾਅ ਵੀ ਨਹੀਂ ਦਿੱਤੇ। ਇਸ ਕਰਕੇ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਹਨ। ਨਾਗਰਾ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਜਾਰੀ ਘੋਸ਼ਣਾ ਪੱਤਰ ਨੂੰ ਦੇਖਕੇ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਸਮੇਤ ਹਰ ਵਰਗ ’ਚ ਆਸ ਦੀ ਕਿਰਨ ਪੈਦਾ ਹੋਈ ਹੈ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਨੋਜਵਾਨ ਕਿਸਾਨ ਆਗੂ ਇੰਦਰਜੋਤ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਜਥੇਦਾਰ ਟਿੱਲੂ ਨੂੰ ਸ਼ਹਿਰ ਤੇ ਪਿੰਡਾਂ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਮੋਰਚੇ ਦੀਆਂ ਕਿਸਾਨ, ਮਜਦੂਰ ਪੱਖੀ ਨੀਤੀਆਂ ਤੋਂ ਖੁਸ਼ ਹਨ। ਪੰਧੇਰ ਨੇ ਲੋਕਾਂ ਨੂੰ ਚੋਣ ਨਿਸ਼ਾਨ ‘ਮੰਜੇ’ ’ਤੇ ਮੋਹਰਾਂ ਲਗਾਕੇ ਟਿੱਲੂ ਨੂੰ ਜਿਤਾਉਣ ਤੇ ਸੰਯੁਕਤ ਮੋਰਚੇ ਤੇ ਕਿਸਾਨਾਂ, ਮਜਦੂਰਾਂ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਕਿਸਾਨ ਆਗੂ ਨੇਤਰ ਸਿੰਘ ਨਾਗਰਾ, ਹਰਪ੍ਰੀਤ ਸਿੰਘ, ਇੰਦਰਜੋਤ ਸਿੰਘ ਪੰਧੇਰ, ਬਲਜਿੰਦਰ ਸਿੰਘ, ਮਨਜੀਤ ਸਿੰਘ, ਨਿਰਪਾਲ ਸਿੰਘ, ਹਰਜਿੰਦਰ ਸਿੰਘ, ਅਮਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।

No comments
Post a Comment