*ਚੋਣਾਂ ਵਿੱਚ ਵਾਤਾਵਰਣ ਨੂੰ ਪ੍ਰਮੁੱਖ ਏਜੰਡਾ ਬਣਾਉਣ ਲਈ ਵਾਤਾਵਰਨ ਚੇਤਨਾ ਮਾਰਚ*
ਲੁਧਿਆਣਾ-10-ਫਰਵਰੀ(ਹਰਜੀਤ ਸਿੰਘ ਖਾਲਸਾ)ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਅੱਜ ਲੁਧਿਆਣਾ ਵਿਖੇ ਬੁੱਢਾ ਦਰਿਆ ਦੇ ਕੰਢੇ 'ਤੇ ਵਾਤਾਵਰਨ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ। ਮਾਰਚ ਦੀ ਅਗਵਾਈ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ। ਵਾਤਾਵਰਨ ਪ੍ਰੇਮੀਆਂ ਤੋਂ ਇਲਾਵਾ ਇਸ ਮਾਰਚ ਵਿੱਚ ਬੀਏਪੀ ਦੇ ਤਰੁਣ ਜੈਨ ਬਾਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿਤਪਾਲ ਸਿੰਘ ਪਾਲੀ, ਭਾਜਪਾ ਦੇ ਪਰਵੀਨ ਬਾਂਸਲ, ਆਪ ਦੇ ਪੱਪੀ ਪ੍ਰਾਸ਼ਰ, ਜਗਰਾਉਂ ਦੇ ਗੁਰਦੀਪ ਧਾਲੀਵਾਲ ਆਦਿ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਉਮੀਦਵਾਰ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਲਹਿਰ ਵੱਲੋਂ ਬਣਾਏ ਗ੍ਰੀਨ ਮੈਨੀਫੈਸਟੋ ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ। ਸਮਾਗਮ ਬਾਰੇ ਗੱਲਬਾਤ ਕਰਦਿਆਂ ਸੀਚੇਵਾਲ ਨੇ ਕਿਹਾ ਕਿ ਬੁੱਢੇ ਨਾਲੇ ਦੀ ਮੌਜੂਦਾ ਸਥਿਤੀ ਪੰਜਾਬ ਦੇ ਸਮੁੱਚੇ ਵਾਤਾਵਰਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਸਿਆਸੀ ਪਾਰਟੀਆਂ ਨੇ ਕਦੇ ਵੀ ਵਾਤਾਵਰਨ, ਦਰਿਆਵਾਂ, ਹਵਾ, ਧਰਤੀ ਹੇਠਲੇ ਪਾਣੀ ਨੂੰ ਅਹਿਮ ਚੋਣ ਮੁੱਦੇ ਨਹੀਂ ਸਮਝਿਆ। ਇਸ ਲਈ ਅਸੀਂ ਵੋਟਰਾਂ ਤੱਕ ਪਹੁੰਚ ਕਰ ਰਹੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਉਹਨਾਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਵੋਟ ਦੇਣ ਦਾ ਸੱਦਾ ਦਿੱਤਾ ਜਿਹਨਾਂ ਬਾਰੇ ਉਹ ਮਹਿਸੂਸ ਕਰਦੇ ਹਨ ਕਿ ਵਾਤਾਵਰਣ ਦੀ ਬਿਹਤਰੀ ਲਈ ਕੰਮ ਕਰਨਗੇ। ਨੌਜਵਾਨ ਵੋਟਰਾਂ ਨੂੰ ਆਪਣੀ ਅਪੀਲ ਵਿੱਚ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ, "ਪੰਜਾਬ ਦਾ ਵਾਤਾਵਰਣ ਗੰਭੀਰ ਸੰਕਟ ਵਿੱਚ ਹੈ। ਅਸੀਂ ਆਪਣੇ ਗ੍ਰੀਨ ਮੈਨੀਫੈਸਟੋ ਨਾਲ ਸਾਰੀਆਂ ਸਿਆਸੀ ਧਿਰਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰਦੂਸ਼ਣ, ਹਵਾ, ਪਾਣੀ, ਜੰਗਲ ਅਤੇ ਜਲਵਾਯੂ ਪਰਿਵਰਤਨ ਦੇ ਮੁੱਦੇ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ। ਜ਼ਹਿਰੀਲਾ ਪਾਣੀ, ਹਵਾ ਅਤੇ ਭੋਜਨ ਪੰਜਾਬੀਆਂ ਨੂੰ ਬਿਮਾਰੀ ਅਤੇ ਨਸਲਕੁਸ਼ੀ ਦੀ ਹੱਦ ਤੱਕ ਲਿਜਾ ਰਿਹਾ ਹੈ। ਵੋਟਰਾਂ ਨੂੰ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਚੁਣਨਾ ਚਾਹੀਦਾ ਹੈ ਜਿਨ੍ਹਾਂ ਕੋਲ ਇਨ੍ਹਾਂ ਮੁੱਦਿਆਂ ਲਈ ਸੰਵੇਦਨਸ਼ੀਲਤਾ ਅਤੇ ਸਮਝ ਹੋਵੇ ਤਾਂਕਿ ਉਹ ਅਗਲੀ ਪੀੜ੍ਹੀ ਲਈ ਕੁੱਝ ਕਰ ਸਕਣ।" ਲੁਧਿਆਣਾ ਦੇ ਸ਼ਾਹੀ ਇਮਾਮ ਉਸਮਾਨ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਇਸ ਸਮਾਗਮ ਵਾਂਗ ਇਕਜੁੱਟ ਹੋ ਕੇ ਵਾਤਾਵਰਨ ਦੇ ਮੁੱਦੇ 'ਤੇ ਲੜਨ ਲੱਗ ਜਾਣ ਤਾਂ ਉਹ ਯਕੀਨੀ ਤੌਰ 'ਤੇ ਕਾਮਯਾਬ ਹੋਣਗੇ ਅਤੇ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਕੋਲ ਬੁੱਢਾ ਦਰਿਆ ਨੂੰ ਸਾਫ਼ ਕਰਨ ਅਤੇ ਵਾਤਾਵਰਨ ਨੂੰ ਸੁਧਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਪੰਜਾਬ ਦੇ ਸਾਬਕਾ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਆਈ.ਏ.ਐਸ ਨੇ ਕਿਹਾ, "ਸਾਡਾ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਇਸ ਹਿਸਾਬ ਨਾਲ ਪੰਜਾਬ ਕੋਲ ਸਿਰਫ਼ 17 ਸਾਲ ਦਾ ਹੀ ਧਰਤੀ ਹੇਠਲਾ ਪਾਣੀ ਬਚਿਆ ਹੈ। ਸਾਡੀ ਸਿਆਸੀ ਲੀਡਰਸ਼ਿਪ ਨੂੰ ਅਜੇ ਤੱਕ ਸਥਿਤੀ ਦੀ ਗੰਭੀਰਤਾ ਸਮਝ ਨਹੀਂ ਆਈ। ਵੋਟਰਾਂ ਨੂੰ ਸਿਆਸੀ ਧਿਰਾਂ ਤੋਂ ਇਹਨਾਂ ਮਹੱਤਵਪੂਰਨ ਮੁੱਦਿਆਂ ਤੇ ਸਖ਼ਤ ਸਵਾਲ ਪੁੱਛਣੇ ਚਾਹੀਦੇ ਹਨ ਹੈ ਤਾਂਕਿ ਆਉਣ ਵਾਲੀ ਸਰਕਾਰ ਇਹਨਾਂ ਨੂੰ ਬਣਦੀ ਗੰਭੀਰਤਾ ਨਾਲ ਲਵੇ।"ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਰਣਜੋਧ ਸਿੰਘ ਨੇ ਕਿਹਾ, "ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੰਯੁਕਤ ਸਮਾਜ ਮੋਰਚਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਤਾਵਰਣ ਦੇ ਮੁੱਦੇ ਦਾ ਜ਼ਿਕਰ ਕੀਤਾ ਹੈ। ਅਸੀਂ ਦੂਜੀਆਂ ਪਾਰਟੀਆਂ ਦੀ ਵੀ ਉਡੀਕ ਕਰ ਰਹੇ ਹਾਂ ਕਿ ਉਹ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸ ਨੂੰ ਕਿਵੇਂ ਸ਼ਾਮਲ ਕਰਦੇ ਹਨ ਤਾਂਕਿ ਅਸੀਂ ਅੰਦਾਜ਼ਾ ਲਗਾ ਸਕੀਏ ਕਿ ਉਹ ਮੱਤੇਵਾੜਾ ਇੰਡਸਟਰੀਅਲ ਪਾਰਕ ਨੂੰ ਰੱਦ ਕਰਨ ਅਤੇ ਬੁੱਢੇ ਨਾਲੇ ਵਰਗੇ ਮੁੱਦਿਆਂ ਨਾਲ ਕਿਵੇਂ ਨਜਿੱਠਣਗੇ।"
ਕੌਂਸਲ ਆਫ ਇੰਜਨੀਅਰਜ਼ ਦੇ ਕਪਿਲ ਅਰੋੜਾ ਨੇ ਕਿਹਾ, "ਸਾਨੂੰ ਆਪਣੇ ਵਾਤਾਵਰਣ ਦੀ ਵਿਰਾਸਤ ਨੂੰ ਬਚਾਉਣ ਦੀ ਲੋੜ ਹੈ। ਪਰਸੋਂ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਪੀਣ ਵਾਲਾ ਪਾਣੀ ਪੰਜਾਬ ਵਿੱਚ ਕੈਂਸਰ ਵੰਡ ਰਿਹਾ ਹੈ। ਸਾਨੂੰ ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਵਿੱਚ ਚਲਦਾ ਕਰਨਾ ਚਾਹੀਦਾ ਹੈ ਜੋ ਵਿਕਾਸ ਦਾ ਨਾਮ ਤੇ ਸਾਡੇ ਸਤਲੁਜ ਦੇ ਕੰਢੇ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।"ਪੀ.ਏ.ਸੀ. ਸਤਲੁਜ ਅਤੇ ਮੱਤੇਵਾੜਾ ਦੇ ਜਸਕੀਰਤ ਸਿੰਘ ਨੇ ਕਿਹਾ, "ਭਾਰਤ ਦੇ ਸੰਵਿਧਾਨ ਦੀ ਧਾਰਾ 48-ਏ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਲਈ ਅਤੇ ਦੇਸ਼ ਦੇ ਜੰਗਲਾਂ ਅਤੇ ਜੰਗਲੀ ਜੀਵਣ ਦੀ ਸੁਰੱਖਿਆ ਲਈ ਸਰਕਾਰ ਨੂੰ ਪਾਬੰਦ ਕਰਦੀ ਹੈ। ਅਸੀਂ ਇਸ ਮਾਰਚ ਰਾਹੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਪੱਸ਼ਟ ਸੁਨੇਹਾ ਭੇਜ ਰਹੇ ਹਾਂ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਵਾਤਾਵਰਣ ਦੀ ਸੁਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ ਅਤੇ ਲੋਕ ਇਸ ਵਾਰ ਤੁਹਾਡੇ ਚੋਣ ਮਨੋਰਥ ਪੱਤਰਾਂ ਨੂੰ ਬਹੁਤ ਧਿਆਨ ਨਾਲ ਪੜ੍ਹਣਗੇ ਵੀ ਅਤੇ ਆਉਣ ਵਾਲੀ ਸਰਕਾਰ ਤੋਂ ਵਾਤਾਵਰਣ ਸੁਰੱਖਿਆ ਏਜੰਡੇ ਨੂੰ ਲਾਗੂ ਕਰਵਾਉਣਾ ਵੀ ਯਕੀਨੀ ਬਣਾਉਣਗੇ।" ਰਸਤੇ ਵਿੱਚ ਪਲਾਸਟਿਕ ਦੇ ਕੂੜੇ ਦੇ ਵੱਡੇ ਢੇਰਾਂ ਬਾਰੇ ਗੱਲ ਕਰਦਿਆਂ ਅਗੈੱਪ ਦੇ ਡਾ: ਨਵਨੀਤ ਭੁੱਲਰ ਨੇ ਕਿਹਾ, "ਪੰਜਾਬ ਪਲਾਸਟਿਕ ਵਿੱਚ ਡੁੱਬ ਰਿਹਾ ਹੈ। ਇਹ ਇਸ ਕਰਕੇ ਹੈ ਕਿ ਸਾਡੀ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਸਾਨੂੰ ਅਜਿਹੇ ਨੇਤਾ ਚੁਣਨੇ ਚਾਹੀਦੇ ਹਨ ਜੋ ਇਹ ਪਾਬੰਦੀ ਲਾਗੂ ਕਰ ਸਕਦੇ ਹਨ ਅਤੇ ਉਨ੍ਹਾਂ ਅਧਿਕਾਰੀਆਂ 'ਤੇ ਲਗਾਮ ਲਗਾ ਸਕਦੇ ਹਨ ਜੋ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹਨ।"ਬੁੱਢਾ ਦਰਿਆ ਟਾਸਕ ਫੋਰਸ ਦੇ ਕਰਨਲ ਜੇ.ਐਸ.ਗਿੱਲ, ਗਰੀਨ ਮਿਸ਼ਨ ਜਗਰਾਉਂ ਦੇ ਸਤਪਾਲ ਸਿੰਘ, ਸਾਂਝ ਦੇ ਜਤਿੰਦਰ ਸਿੰਘ ਮਨਚੰਦਾ, ਯੂਥ ਇੰਪਾਵਰਮੈਂਟ ਫਾਊਂਡੇਸ਼ਨ ਦੀ ਸ੍ਰੀਮਤੀ ਬਲਜੀਤ ਕੌਰ, ਯੂਨਾਈਟਿਡ ਸਿੱਖਸ ਦੇ ਭੁਪਿੰਦਰ ਸਿੰਘ, ਪੰਜਾਬੀ ਪਾਸਰ ਭਾਈਚਾਰਾ ਦੇ ਐਮ.ਐਸ.ਸੇਖੋਂ, ਕੁਦਰਤ ਮਾਨਵ ਕੇਂਦਰਿਤ ਲਹਿਰ ਦੇ ਐਸ.ਐਸ. ਲੌਂਗੋਵਾਲ, ਪੀ ਏ ਸੀ ਸਤਲੁਜ ਮੱਤੇਵਾੜਾ ਦੇ ਮਨਿੰਦਰਜੀਤ ਸਿੰਘ ਬਾਵਾ, ਮਹਾਤਮਾ ਗਾਂਧੀ ਸ਼ਾਂਤੀ ਮਿਸ਼ਨ ਦੇ ਬ੍ਰਿਜਭੂਸ਼ਣ ਗੋਇਲ ਨੇ ਵੀ ਆਪਣੀਆਂ ਟੀਮਾਂ ਨਾਲ ਸ਼ਿਰਕਤ ਕੀਤੀ।

No comments
Post a Comment