ਟਿੱਲੂ ਦੇ ਹੱਕ ’ਚ ਕਿਸ਼ਨਗੜ ’ਚ ਕਿਸਾਨਾਂ ਦੀ ਭਰਵੀਂ ਮੀਟਿੰਗ, ਸਮੱਰਥਨ ਦੇਣ ਦੇ ਐਲਾਨ ਨਾਲ ਟਿੱਲੂ ਦੀ ਸਥਿਤੀ ਮਜਬੂਤ
ਰਵਾਇਤੀ ਪਾਰਟੀਆਂ ਨੇ ਲੋਕਾਂ ਨਾਲ ਕੀਤੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ, ਹਰ ਵਰਗ ਨੂੰ ਕੀਤਾ ਨਿਰਾਸ਼-ਕੋਟ ਪਨੈਚ
ਖੰਨਾ-09-ਫਰਵਰੀ (ਹਰਜੀਤ ਸਿੰਘ ਖਾਲਸਾ )ਸੰਯੁਕਤ ਸਮਾਜ ਮੋਰਚੇ ਦੇ ਹਲਕਾ ਖੰਨਾ ਤੋਂ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਦੇ ਹੱਕ ’ਚ ਪਿੰਡ ਕਿਸ਼ਨਗੜ ’ਚ ਹੋਈ ਭਰਵੀਂ ਮੀਟਿੰਗ ਨਾਲ ਜਥੇਦਾਰ ਟਿੱਲੂ ਦੀ ਚੋਣ ਮੁਹਿੰਮ ਨੂੰ ਜੋਰਦਾਰ ਹੁਲਾਰਾ ਮਿਲਿਆ ਹੈ। ਮੀਟਿੰਗ ’ਚ ਹਾਜਰ ਕਿਸਾਨਾਂ, ਮਜਦੂਰਾਂ ਨੇ ਜਥੇਦਾਰ ਟਿੱਲੂ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ, ਜਿਸ ਨਾਲ ਟਿੱਲੂ ਦੀ ਸਥਿਤੀ ਲਗਾਤਾਰ ਮਜਬੂਤ ਹੋ ਰਹੀ ਹੈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਹਾਜਰ ਬੀਕੇਯੂ ਰਾਜੇਵਾਲ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਵਾਰੀ ਵਾਰੀ ਰਾਜ ਤਾਂ ਕੀਤਾ ਹੈ ਪਰ ਲੋਕਾਂ ਨਾਲ ਕੀਤੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਤੇ ਹਰ ਵਰਗ ਨੂੰ ਨਿਰਾਸ਼ ਕੀਤਾ। ਕਿਸਾਨਾਂ, ਮਜਦੂਰਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਤੇ ਸੱਤਾ ਸੰਭਾਲਣ ਤੋਂ ਬਾਦ ਕਿਸਾਨਾਂ, ਮਜਦੂਰਾਂ ਦੇ ਹਿੱਤਾਂ, ਹੱਕਾਂ ਤੇ ਮਸਲਿਆਂ ਨੂੰ ਅਣਗੌਲਿਆ ਕਰਕੇ ਧ੍ਰੋਹ ਕਮਾਇਆ। ਕੋਟ ਪਨੈਚ ਆਗੂਆਂ ਨੇ ਪਿੰਡਾਂ ਦੇ ਕਿਸਾਨਾਂ, ਮਜਦੂਰਾਂ ਨੂੰ ਮੋਰਚੇ ਦੇ ਉਮੀਦਵਾਰ ਜਥੇਦਾਰ ਟਿੱਲੂ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕਰਦੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਹੀ ਕਿਸਾਨ, ਮਜਦੂਰ ਹਿਤੈਸ਼ੀ ਹੈ ਤੇ ਮੋਰਚੇ ਦੇ ਨੁਮਾਇੰਦੇ ਹੀ ਅਸੈਂਬਲੀ ’ਚ ਕਿਸਾਨਾਂ, ਮਜਦੂਰਾਂ ਤੇ ਆਮ ਲੋਕਾਂ ਦੇ ਹੱਕ ’ਚ ਅਵਾਜ ਉਠਾਉਣਗੇ, ਵਿਰੋਧੀ ਰਵਾਇਤੀ ਪਾਰਟੀਆਂ ਤੋਂ ਭਲੇ ਦੀ ਆਸ ਰੱਖਣੀ ਫਿਜੂਲ ਹੈ, ਜਿਹਨਾਂ ਦੀ ਚਲਾਕੀ ਜਾਂ ਨਲਾਇਕੀ ਕਾਰਨ ਤਿੰਨ ਖੇਤੀ ਕਾਨੂੰਨ ਪਾਸ ਹੋਏ ਤੇ ਕਿਸਾਨਾਂ, ਮਜਦੂਰਾਂ ਨੂੰ ਸਵਾ ਸਾਲ ਸੰਘਰਸ਼ ਕਰਨਾ ਪਿਆ। ਉਹਨਾਂ ਕਿਹਾ ਆਮ ਆਦਮੀ ਪਾਰਟੀ ਤੋਂ ਵੀ ਬੱਚਣ ਦੀ ਲੋੜ ਹੈ ਜੋ ‘ਇੱਕ ਮੌਕਾ ਕੇਜਰੀਵਾਲ ਨੂੰ’ ਨਾਅਰੇ ਦੀ ਆੜ ’ਚ ਪੰਜਾਬ ਦੀ ਸੱਤਾ ਸੰਭਾਲਣਾ ਚਾਹੁੰਦੀ ਹੈ ਤੇ ਲੋਕਾਂ ਨੂੰ ਤਰਾਂ ਤਰਾਂ ਦੇ ਲਾਲਚ ਦੇ ਰਹੀ ਹੈ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਕੋਲ ਕਿਸਾਨਾਂ ਦੇ ਕਰਜੇ ਮੁਆਫ ਕਰਨ, ਪੰਜਾਬ ਦੇ ਵਿਕਾਸ, ਬੇਰੁਜਗਾਰੀ ਦੂਰ ਕਰਨ, ਨਸ਼ੇ ਖਤਮ ਕਰਨ ਜਾਂ ਵਿਕਾਸ ਸਬੰਧੀ ਕੋਈ ਏਜੰਡਾ ਜਾਂ ਉਸਾਰੂ ਸੋਚ ਨਹੀਂ। ਜਿਸ ਕਾਰਨ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾ ਰਹੇ। ਮੀਟਿੰਗ ’ਚ ਬੁਲਾਰਿਆਂ ਨੇ ਕਿਹਾ ਕਿ ਹਲਕਾ ਖੰਨਾ ’ਚ ਮੋਰਚੇ ਦੇ ਉਮੀਦਵਾਰ ਜਥੇਦਾਰ ਟਿੱਲੂ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਕੋਟ ਪਨੈਚ।, ਜਿਲਾ ਜਨਰਲ ਸਕੱਤਰ ਪ੍ਰਗਟ ਸਿੰਘ ਪਨੈਚ, ਕੁਲਵਿੰਦਰ ਸਿੰਘ, ਖੁਸ਼ਵੰਤ ਸਿੰਘ, ਅਮਨਦੀਪ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ' ਪਤਵੰਤੇ ਹਾਜਰ ਸਨ।

No comments
Post a Comment