ਹਰ ਪੰਜਾਬੀ ਦੀ ਅਰਦਾਸ ਹੋਈ ਕਬੂਲ, ਸਚਾਈ ਦੀ ਹੋਈ ਜਿੱਤ: ਸਿਮਰਜੀਤ ਸਿੰਘ ਬੈਂਸ
ਲੁਧਿਆਣਾ- 09-ਫਰਵਰੀ (ਹਰਜੀਤ ਸਿੰਘ ਖਾਲਸਾ)ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕੱਲ ਦੁਪਿਹਰ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਅਤੇ ਬਾਅਦ ਵਿਚ ਰਿਹਾਅ ਕਰਨ ਤੇ ਤਸੱਲੀ ਪ੍ਰਗਟ ਕਰਦਿਆ ਉਹਨਾਂ ਚੋਣ ਕਮਿਸ਼ਨ ਅਤੇ ਸਥਾਨਕ ਪੁਲਿਸ ਵੱਲੋਂ ਨਿਭਾਈ ਗਈ ਭੂਮੀਕਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ ਜਿਸ ਵਿਚ ਵਿਧਾਨ ਸਭਾ ਹਲਕਾ ਆਤਮ ਨਗਰ, ਦੱਖਣੀ ਸਮੇਤ ਪੰਜਾਬ ਅਤੇ ਦੇਸ਼ਾ ਵਿਦੇਸ਼ਾ ਵਿਚ ਬੈਠੇ ਉਹਨਾਂ ਦੇ ਸਮਰਥਕਾਂ ਵੱਲੋਂ ਕੀਤੀਆਂ ਅਰਦਾਸਾਂ ਦਾ ਹੀ ਨਤੀਜਾ ਹੈ ਕਿ ਅਖੀਰ ਸਚਾਈ ਦੀ ਜਿੱਤ ਹੋਈ ਹੈ।ਵਿਧਾਇਕ ਬੈਂਸ ਅੱਜ ਸਵੇਰੇ ਕੁਆਲਿਟੀ ਚੌਕ ਨੇੜੇ ਹੋਈ ਮੀਟਿੰਗ ਤੋਂ ਪਹਿਲਾ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਉਹਨਾਂ ਚੋਣ ਕਮਿਸ਼ਨ ਅਤੇ ਸਥਾਨਕ ਪੁਲਿਸ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਮਾਮੂਲੀ ਝੜਪ ਤੋਂ ਬਾਅਦ ਇਲਾਕੇ ਵਿਚ ਕੁਝ ਵਿਰੋਧੀਆਂ ਵੱਲੋਂ ਉਹਨਾਂ ਦੇ ਸਮਰਥਕਾਂ ਉਤੇ ਇੱਟਾਂ ਰੌੜੇ ਵਰਸਾਏ ਗਏ ਅਤੇ ਗੋਲੀ ਚੱਲਣ ਦੀਆ ਵੀ ਖਬਰਾਂ ਸਨ ਪਰ ਕਾਂਗਰਸ ਸਰਕਾਰ ਦੀ ਸ਼ੈਅ ਤੇ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਮੰਗਲਵਾਰ ਦੁਪਿਹਰ ਕੋਟ ਕੰਪਲੈਕਸ ਵਿਚੋਂ ਉਹਨਾਂ ਨੂੰ ਉਸ ਮੌਕੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਵਕੀਲ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਦੇ ਵੱਡੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਹੋਰਨਾਂ ਨੇ ਚੋਣ ਕਮੀਸ਼ਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਜਿਸ ਨੂੰ ਕਬੂਲ ਕਰਦੇ ਹੋਏ ਚੋਣ ਕਮਿਸ਼ਨ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਰਿਹਾਅ ਕਰਦੇ ਹੋਏ ਵਿਸ਼ਵਾਸ਼ ਦੁਆਇਆ ਗਿਆ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਜਿਸ ਦੇ ਖਿਲਾਫ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਵਿਧਾਇਕ ਬੈਂਸ ਨੇ ਵਿਰੋਧੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਸ਼ਾਂਤੀ ਨਾਲ ਵੋਟਾਂ ਸਮੇਤ ਚੋਣ ਪ੍ਰਚਾਰ ਦਾ ਕੰਮ ਭੁਗਤਾਉਣ ਨਾ ਕਿ ਅਜਿਹੀਆਂ ਹੋਛੀਆਂ ਹਰਕਤਾਂ ਕਰਨ ਜਿਸ ਨਾਲ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਿਚ ਕਿਸੇ ਤਰਾਂ ਦਾ ਡਰ ਪਾਇਆ ਜਾ ਸਕੇ ਪਰ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਰੋਧੀ ਧਿਰ ਨੇ ਉਹਨਾਂ ਦੇ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਵੀ ਜਾਣਦੇ ਹਨ ਅਤੇ ਇਸ ਗੱਲ ਤੋਂ ਵਿਰੋਧੀ ਵੀ ਭਲੀ ਭਾਂਤੀ ਜਾਣੂ ਹਨ। ਉਹਨਾਂ ਕਿਹਾ ਕਿ ਵਿਰੋਧੀਆਂ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ ਜਿਸ ਕਰਕੇ ਹੀ ਉਹ ਅਜਿਹੀਆਂ ਹੋਛੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀ ਆ ਰਹੇ।ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਅਤੇ ਹੋਰ ਸ਼ਾਮਿਲ ਸਨ।

No comments
Post a Comment