*ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਵੱਲੋਂ ਅਬਜ਼ਰਵੇਸ਼ਨ ਸੈਂਟਰ- ਚਾਇਲਡ ਵੈਲਫੇਅਰ ਕਮੇਟੀ ਦੇ ਨੌਜਵਾਨਾਂ ਦਾ ਇੱਕ ਰੋਜ਼ਾ ਓਰੀਐਨਟੇਸ਼ਨ ਕੋਰਸ ਲਗਾਇਆ ਗਿਆ*
ਲੁਧਿਆਣਾ-14-ਫਰਵਰੀ(ਹਰਜੀਤ ਸਿੰਘ ਖਾਲਸਾ) ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜ਼ਮੈਂਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਵੱਲੋਂ ਅਬਜ਼ਰਵੇਸ਼ਨ ਸੈਂਟਰ-ਚਾਇਲਡ ਵੈਲਫੇਅਰ ਕਮੇਟੀ (ਪੰਜਾਬ ਸਰਕਾਰ), ਗਿੱਲ ਰੋਡ, ਲੁਧਿਆਣਾ ਵਿਖੇ ਕੋਰਸ ਲਗਾਇਆ ਗਿਆ। ਅਦਾਲਤਾਂ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਬਜ਼ਰਵੇਸ਼ਨ ਸੈਂਟਰ ਵਿੱਚ ਰੱਖਿਆ ਜਾਂਦਾ ਹੈ, ਜਿਸ ਦੀ ਦੇਖ ਰੇਖ ਪੰਜਾਬ ਸਰਕਾਰ ਕਰਦੀ ਹੈ। ਇਹਨਾਂ ਨੌਜਵਾਨ ਬੱਚਿਆਂ ਲਈ ‘ਨੌਜਵਾਨਾਂ ਦਾ ਸਰਵਪੱਖੀ ਵਿਕਾਸ ਅਤੇ ਧਰਮ ਦਾ ਰੋਲ’ ਵਿਸ਼ੇ ਸਬੰਧੀ ਓਰੀਐਨਟੇਸ਼ਨ ਕੋਰਸ ਲਗਾਇਆ ਗਿਆ। ਕੋਰਸ ਕੋਆਰਡੀਨੇਟਰ ਵਰਿੰਦਰਪਾਲ ਸਿੰਘ ਹੁਰਾਂ ਨੇ ਮੂਲ ਮੰਤਰ ਅਤੇ ਗੁਰਮੰਤਰ ਦੇ ਜਾਪ ਉਪਰੰਤ ਆਏ ਮਹਿਮਾਨਾਂ ਨੂੰ ਜੀਓ ਆਇਆ ਕਿਹਾ ਅਤੇ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਤੇ ਕੋਰਸ ਦੇ ਵਿਸ਼ੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਪਿਰਥੀ ਸਿੰਘ ਰਿਟਾ. ਪੀ.ਸੀ.ਐਸ ਸਕੱਤਰ ਜਨਰਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਰਾਂ ਨੇ ਆਪਣੇ ਆਰੰਭਕ ਸ਼ਬਦ ਬੋਲਦਿਆਂ ਕਿਹਾ ਕਿ ਜਿਵੇਂ ਸਾਨੂੰ ਪ੍ਰਮਾਤਮਾ ਬਿਨਾਂ ਕਿਸੇ ਭੇਦ ਭਾਵ ਦੇ ਹਵਾ, ਪਾਣੀ ਅਤੇ ਰੌਸ਼ਨੀ ਦਿੰਦਾ ਹੈ ਉਸੇ ਤਰ੍ਹਾਂ ਸਾਡੇ ਮਾਤਾ ਪਿਤਾ ਸਾਡੇ ਭਲੇ ਲਈ ਹਰ ਉਹ ਸਹੂਲਤ ਦਿੰਦੇ ਹਨ ਜੋ ਸਾਨੂੰ ਚਾਹੀਦੀ ਹੈ। ਇਸ ਲਈ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਆਪਣੇ ਮਨ ਅਤੇ ਦਿਮਾਗ ਨੂੰ ਸ਼ੁੱਧ ਰਖਣਾ ਚਾਹੀਦਾ ਹੈ। ਡਾ. ਅਮਰਜੀਤ ਕੌਰ ਨਾਜ਼, ਪ੍ਰਿੰਸੀਪਲ ਬਲੋਜ਼ਮ ਕਾਨਵੈਂਟ ਸਕੂਲ ਜਗਰਾਂਓ ਹੁਰਾ ਵਿਸ਼ੇ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਪਣੀ ਜਿੰਦਗੀ ਅਨਮੋਲ ਹੈ, ਇਸ ਵਿੱਚ ਆਪਣੇ ਆਲੇ ਦੁਆਲੇ ਨੂੰ ਸਹੀ ਤਰੀਕੇ ਨਾਲ ਚੁਣੋ। ਉਨ੍ਹਾਂ ਕਿਹਾ ਕਿ ਦੋਸਤ ਦੋ ਸ਼ਬਦਾਂ ਦਾ ਮੇਲ ਹੈ ਦੋ ਅਤੇ ਸਤ (ਸੱਚ), ਜੋ ਦੋਸਤ ਤੁਹਾਨੂੰ ਕਿਸੇ ਵੀ ਕਿਸਮ ਦਾ ਗਲਤ ਕੰਮ ਕਰਨ ਤੋਂ ਰੋਕਦਾ ਹੈ ਉਹ ਤੁਹਾਡਾ ਸੱਚਾ ਮਿੱਤਰ ਹੈ, ਬਾਕੀ ਦੇ ਸਭ ਰਿਸ਼ਤੇ ਝੂਠ ਹਨ ਜੋ ਤੁਹਾਨੂੰ ਜੁਰਮ ਦੀ ਦੁਨੀਆ ਵਿੱਚ ਲੈ ਕੇ ਜਾਂਦੇ ਹਨ। ਆਪਣੇ ਮਨ ਅਤੇ ਦਿਮਾਗ ਨੂੰ ਹਮੇਸ਼ਾ ਸੱਚ ਵੱਲ ਮੋੜੋ, ਉਨ੍ਹਾਂ ਉਦਾਹਰਨਾਂ ਰਾਹੀਂ ਬੱਚਿਆਂ ਨੂੰ ਜੁਰਮ ਦੀ ਦੁਨੀਆ ਤੋਂ ਤੋਬਾ ਕਰਨ ਲਈ ਕਿਹਾ ਅਤੇ ਬੱਚਿਆਂ ਵੱਲੋਂ ਵਿਸ਼ੇ ਸਬੰਧੀ ਕੀਤੇ ਗਏ ਸੁਆਲਾਂ ਦੇ ਜੁਆਬ ਵੀ ਦਿੱਤੇ। ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਹੁਰਾਂ ਕਿਹਾ ਕਿ ਸਾਡਾ ਮਕਸਦ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਮਨਾਂ ਤੋਂ ਹਰ ਤਰ੍ਹਾਂ ਦੇ ਸ਼ੰਕਿਆਂ ਅਤੇ ਸੁਆਲਾਂ ਨੂੰ ਸਾਹਮਣੇ ਲਿਆ ਕਿ ਉਹਨਾਂ ਦਾ ਹੱਲ ਕੱਢਣਾ ਹੈ।ਉਹਨਾਂ ਹੋਰ ਕਿਹਾ ਕਿ ਅਗਰ ਬੱਚਿਆਂ ਦੇ ਮਨ ਵਿੱਚ ਕਿਸੇ ਕਿਸਮ ਦਾ ਗਲਤ ਕੰਮ ਕਰਨ ਲਈ ਵੀਚਾਰ ਆਉਦਾ ਹੈ ਤਾਂ ਤੁਸੀਂ ਆਪਣੇ ਪ੍ਰਮਾਤਮਾ ਨੂੰ ਯਾਦ ਕਰੋ ਅਤੇ ਉਹ ਤੁਹਾਨੂੰ ਸ਼ਕਤੀ ਦੇਵੇਗਾ।ਉਨ੍ਹਾਂ ਹੋਰ ਵੀ ਕਿਹਾ ਕਿ ਬੱਚਿਆਂ ਨੂੰ ਧਾਰਮਿਕ ਅਤੇ ਸਮਾਜਿਕ ਜੀਵਨ ਜਾਂਚ ਲਈ ਇੰਸਟੀਚਿਊਟ ਵੱਲੋਂ ਮੈਗਜ਼ੀਨ ਅਤੇ ਕਿਤਾਬਾਂ ਲਗਾਤਾਰ ਭੇਜੀਆਂ ਜਾਇਆ ਕਰਨਗੀਆਂ।ਅੰਤ ਵਿੱਚ ਗੁਰਜੀਤ ਸਿੰਘ ਰੋਮਾਣਾ ਪੀ.ਪੀ.ਐਸ, ਚੇਅਰਮੈਨ ਅਬਜ਼ਰਵੇਸ਼ਨ ਸੈਂਟਰ ਚਾਇਲਡ ਵੈਲਫੇਅਰ ਕਮੇਟੀ (ਪੰਜਾਬ ਸਰਕਾਰ) ਨੇ ਕਿਹਾ ਕਿ ਇਹ ਕੋਰਸ ਬਹੁਤ ਲਾਹੇਵੰਦ ਰਿਹਾ ਹੈ ਤੇ ਇਸ ਤਰ੍ਹਾਂ ਦੀ ਗੱਲਬਾਤ ਹਰ ਮਹੀਨੇ ਇਹਨਾਂ ਨੌਜਵਾਨ ਬੱਚਿਆਂ ਨਾਲ ਕਰਨ ਲਈ ਵੈਲਫੇਅਰ ਕਮੇਟੀ ਓਰੀਐਨਟੇਸ਼ਨ ਕੋਰਸ ਲਗਾਉਂਦੀ ਰਹੇਗੀ। ਉਨ੍ਹਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਕੋਰਸ ਵਿੱਚ 70 ਤੋਂ ਵੱਧ ਕੈਦੀ ਬੱਚਿਆਂ ਨੇ ਭਾਗ ਲਿਆ। ਅੰਤ ਵਿੱਚ ਨੌਜਵਾਨ ਬੱਚਿਆਂ ਨੇ ਆਪਣੇ ਸ਼ੰਕੇ/ਸੁਆਲ ਇੰਸਟੀਚਿਊਟ ਦੇ ਮੈਂਬਰਾਂ ਨਾਲ ਸਾਂਝੇ ਕੀਤੇ। ਤਰੁਣ ਅਗਰਵਾਲ ਜੇਲ੍ਹ ਸੁਪਰਡੈਂਟ, ਰਸ਼ਮੀ ਡੀ.ਸੀ.ਡਬਲਯੂ.ਪੀ., ਐਡਵੋਕੇਟ ਆਦਰਸ਼ ਸ਼ਰਮਾਂ ਵੈਲਫੇਅਰ ਕਮੇਟੀ ਮੈਂਬਰ, ਪ੍ਰਭਜੋਤ ਕੌਰ,ਗੁਰਵੀਰ ਕੌਰ, ਮਨਜੀਤ ਕੌਰ ਅਤੇ ਜੇਲ੍ਹ ਸਟਾਫ ਮੈਂਬਰ ਆਦਿਕ ਹਾਜ਼ਰ ਸਨ।

No comments
Post a Comment