ਮੈਂ ਆਪਣੀ ਟੀਮ ਨਾਲ ਅਗਲੇ 5 ਸਾਲ ਹੋਰ ਵਿਕਾਸ ਜਾਰੀ ਰੱਖਾਂਗਾ :: ਭਾਰਤ ਭੂਸ਼ਣ ਆਸ਼ੂ
ਲੁਧਿਆਣਾ-15-ਫਰਵਰੀ (ਹਰਜੀਤ ਸਿੰਘ ਖਾਲਸਾ) ਕੈਬਨਿਟ ਮੰਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਉਹ ਆਪਣੀ ਟੀਮ ਨਾਲ ਅਗਲੇ 5 ਸਾਲਾਂ ਤੱਕ ਵਿਕਾਸ ਕਰਦੇ ਰਹਿਣਗੇ। ਆਸ਼ੂ ਅੱਜ ਇੱਥੇ ਟੈਗੋਰ ਨਗਰ, ਹਾਊਸਿੰਗ ਬੋਰਡ ਕਲੋਨੀ, ਸੁਨੇਤ ਅਤੇ ਹੋਰ ਇਲਾਕਿਆਂ ਵਿੱਚ ਕੀਤੀਆਂ ਪਬਲਿਕ ਮੀਟਿੰਗਾਂ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਪਬਲਿਕ ਮੀਟਿੰਗਾਂ ਦੌਰਾਨ ਆਸ਼ੂ ਨੇ ਕਿਹਾ ਕਿ ਦੂਜੀ ਵਾਰ ਵਿਧਾਇਕ ਬਣਨ ਅਤੇ ਕੈਬਨਿਟ ਮੰਤਰੀ ਵੀ ਬਣਨ ਤੋਂ ਬਾਅਦ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਸੀ। ਜਿਨ੍ਹਾਂ ਨੇ 2017 ਵਿਚ ਉਨ੍ਹਾਂ 'ਤੇ ਭਰੋਸਾ ਕੀਤਾ ਅਤੇ ਉਸ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਆਪਣੀ ਟੀਮ ਨਾਲ ਦਿਨ ਰਾਤ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪਾਰਕਾਂ ਦਾ ਵਿਕਾਸ ਹੋਣ ਨਾਲ ਬੀ.ਆਰ.ਐਸ.ਨਗਰ ਵਾਸੀਆਂ ਨੂੰ ਸੈਰ ਕਰਨ ਅਤੇ ਕੁਦਰਤ ਵਿਚ ਆਪਣਾ ਸੁਹਾਵਣਾ ਸਮਾਂ ਬਿਤਾਉਣ ਲਈ ਗ੍ਰੀਨ ਵੈਲੀ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ, ਰੇਲਵੇ ਓਵਰਬ੍ਰਿਜ ਅਤੇ ਰੇਲ ਅੰਡਰ ਬ੍ਰਿਜ ਪ੍ਰਾਜੈਕਟ ਪਹਿਲਾਂ ਹੀ ਚੱਲ ਰਹੇ ਹਨ ਅਤੇ ਮੁਕੰਮਲ ਹੋਣ ਦੇ ਨੇੜੇ ਹਨ। ਮੈਂ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਹੈ ਅਤੇ ਇਕ ਵਾਰ ਫਿਰ ਤੁਹਾਡੇ ਸਹਿਯੋਗ ਦੀ ਮੰਗ ਕਰਨ ਆਇਆ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਮੈਂ ਇਨ੍ਹਾਂ ਵਿਕਾਸ ਕਾਰਜਾਂ ਨੂੰ ਜਾਰੀ ਰੱਖਾਂਗਾ, ਤਾਂ ਜੋ ਮੈਂ ਇਸ ਹਲਕੇ ਦੇ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਸਕਾਂ।

No comments
Post a Comment